ਸ਼੍ਰੋਮਣੀ ਪੱਤਰਕਾਰ ਡਾ: ਸਾਧੂ ਸਿੰਘ ਹਮਦਰਦ :
ਸ: ਸਾਧੂ ਸਿੰਘ ਹਮਦਰਦ ਅਜੀਤ ਦੇ ਮੁੱਖ ਸੰਪਾਦਕ ਸਨ। 1955 ਵਿਚ ਉਰਦੂ 'ਅਜੀਤ' ਨੂੰ ਪੰਜਾਬੀ ਦੀ 'ਅਜੀਤ ਪਤ੍ਰਿਕਾ' ਵਿਚ ਬਦਲ ਦਿੱਤਾ ਗਿਆ, ਜਿਸ ਦਾ ਨਾਂਅ 1957 ਵਿਚ ਮੁੜ ਬਦਲ ਕੇ ਪੰਜਾਬੀ 'ਅਜੀਤ' ਰੱਖ ਦਿੱਤਾ ਗਿਆ। ਇਹ ਹੁਣ ਵੀ ਇਸੇ ਨਾਂਅ ਹੇਠ ਛੱਪ ਰਿਹਾ ਹੈ। ਪੰਜਾਬੀ 'ਅਜੀਤ' ਦੇ ਬਾਨੀ ਸੰਪਾਦਕ ਡਾ: ਸਾਧੂ ਸਿੰਘ ਹਮਦਰਦ ਆਪਣੇ ਆਖਰੀ ਸਾਹਾਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਹ 29 ਜੁਲਾਈ, 1984 ਨੂੰ ਸਵਰਗ ਸਿਧਾਰ ਗਏ। ਆਪਣੀ ਮਿਹਨਤ, ਹੌਸਲੇ ਅਤੇ ਦ੍ਰਿੜਤਾ ਨਾਲ ਡਾ: ਹਮਦਰਦ ਨੇ ਇਸ ਛੋਟੇ ਜਿਹੇ ਪੌਦੇ ਨੂੰ ਪਾਲ ਪੋਸ ਕੇ ਇਕ ਵੱਡੇ ਦਰਖ਼ਤ ਦਾ ਰੂਪ ਦਿੱਤਾ। ਇਹ ਪੰਜਾਬੀ ਪੱਤਰਕਾਰੀ ਨੂੰ ਉਨ੍ਹਾਂ ਦਾ ਮਹਾਨ ਯੋਗਦਾਨ ਹੀ ਸੀ, ਜਿਸ ਕਾਰਨ 1968 ਵਿਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 'ਸ਼੍ਰੋਮਣੀ ਪੱਤਰਕਰ' ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਡਾ: ਸਾਧੂ ਸਿੰਘ ਹਮਦਰਦ ਪਹਿਲੇ ਦਿਨੋਂ ਹੀ 'ਅਜੀਤ' ਵੱਲੋਂ ਪੁੱਟੀ ਗਈ ਹਰੇਕ ਪੁਲਾਂਘ ਨਾਲ ਜੁੜੇ ਰਹੇ। ਉਨ੍ਹਾਂ ਦੇ ਯਤਨਾ ਸਦਕਾ ਹੀ 'ਅਜੀਤ' ਦਾ ਆਕਾਰ 20*30/4 ਤੋਂ ਵਧਾ ਕੇ 20*30/2 ਕਰ ਦਿੱਤਾ ਗਿਆ। ਹੋਰ ਪੰਜਾਬੀ ਅਖ਼ਬਾਰਾਂ ਨੇ ਇਸ ਮਾਮਲੇ ਵਿਚ 'ਅਜੀਤ' ਵੱਲੋਂ ਪਾਈਆਂ ਪੈੜਾਂ ਨੂੰ ਅਪਣਾਇਆ।