ਅਜੀਤ

'ਅਜੀਤ' ਦਾ ਜਨਮ ਅਤੇ ਵਿਕਾਸ

  • 'ਅਜੀਤ' ਪਹਿਲਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਉਰਦੂ ਵਿਚ ਹਫ਼ਤਾਵਾਰ ਛਪਦਾ ਸੀ। ਹਮਦਰਦ ਜੀ ਕੁਝ ਸਮਾਂ ਹਫ਼ਤਾਵਾਰ 'ਅਜੀਤ' (ਉਰਦੂ) ਨੂੰ ਸੰਪਾਦਿਤ ਕਰਦੇ ਰਹੇ। (1941)
  • ਹਫ਼ਤਾਵਾਰ 'ਅਜੀਤ' (ਉਰਦੂ) ਨੂੰ ਇਕ ਨਵੰਬਰ 1942 ਨੂੰ 'ਦੀ ਪੰਜਾਬ ਨਿਊਜ਼ਪੇਪਰਜ਼ ਲਿਮਟਿਡ' ਦੇ ਪ੍ਰਬੰਧ ਅਧੀਨ ਲਾਹੌਰ ਤੋਂ ਰੋਜ਼ਾਨਾ 'ਅਜੀਤ' (ਉਰਦੂ) ਵਿਚ ਤਬਦੀਲ ਕਰ ਦਿੱਤਾ ਗਿਆ। ਹਮਦਰਦ ਜੀ ਰੋਜ਼ਾਨਾ 'ਅਜੀਤ' ਦੇ ਸਬ ਐਡੀਟਰ ਨਿਯੁਕਤ ਹੋਏ। (ਮੁੱਖ ਸੰਪਾਦਕ ਸ. ਲਾਲ ਸਿੰਘ ਕਮਲਾ ਅਕਾਲੀ ਸਨ।)

ਰੋਜ਼ਾਨਾ 'ਅਜੀਤ' (ਉਰਦੂ) ਦੇ ਮੁੱਖ ਸੰਪਾਦਕ

ਸ. ਲਾਲ ਸਿੰਘ ਦੇ ਅਸਤੀਫਾ ਦੇ ਜਾਣ ਪਿੱਛੋਂ 1944 ਵਿਚ ਹਮਦਰਦ ਜੀ ਰੋਜ਼ਾਨਾ 'ਅਜੀਤ' (ਉਰਦੂ) ਦੇ ਸੁਤੰਤਰ ਰੂਪ ਵਿਚ ਮੁੱਖ ਸੰਪਾਦਕ ਬਣ ਗਏ। 1947 ਵਿਚ ਦੇਸ਼-ਵੰਡ ਕਾਰਨ ਰੋਜ਼ਾਨਾ 'ਅਜੀਤ' ਲਾਹੌਰ ਤੋਂ ਪਹਿਲਾਂ ਅੰਮ੍ਰਿਤਸਰ ਤੇ ਫੇਰ ਜਲੰਧਰ ਆ ਗਿਆ ਅਤੇ (1950 ਤੋਂ 1952 ਤੱਕ ਦਾ ਸਮਾਂ ਛੱਡ ਕੇ) ਹਮਦਰਦ ਜੀ ਦੀ ਚੀਫ਼ ਐਡੀਟਰੀ ਹੇਠ 1957 ਤੱਕ ਛਪਦਾ ਰਿਹਾ। ਹਮਦਰਦ ਜੀ 1950 ਤੋਂ 1952 ਤੱਕ 'ਪ੍ਰਭਾਤ' ਦੇ ਐਡੀਟਰ ਰਹੇ।

ਰੋਜ਼ਾਨਾ 'ਅਜੀਤ ਪੱਤ੍ਰਕਾ' ਅਤੇ 'ਅਜੀਤ' (ਪੰਜਾਬੀ)

ਰੋਜ਼ਾਨਾ 'ਅਜੀਤ ਪੱਤ੍ਰਕਾ' (ਪੰਜਾਬੀ) ਇਕ ਨਵੰਬਰ 1955 ਨੂੰ ਜਲੰਧਰ ਤੋਂ ਜਾਰੀ ਹੋਇਆ। ਇਹ ਰੋਜ਼ਾਨਾ 'ਅਜੀਤ' (ਪੰਜਾਬੀ) ਦਾ ਮੁੱਢਲਾ ਰੂਪ ਸੀ। ਹਮਦਰਦ ਜੀ ਅਰੰਭ ਤੋਂ ਹੀ ਇਸ ਦੇ ਸੰਪਾਦਕ ਸਨ। 17 ਜਨਵਰੀ 1959 ਤੋਂ 'ਅਜੀਤ ਪੱਤ੍ਰਕਾ' ਕੇਵਲ 'ਅਜੀਤ' ਦੇ ਨਾਂਅ ਹੇਠ ਛਪਣਾ ਸ਼ੁਰੂ ਹੋਇਆ ਅਤੇ ਹੁਣ ਇਸੇ ਨਾਂਅ ਹੇਠ ਛਪ ਰਿਹਾ ਹੈ। ਹਮਦਰਦ ਜੀ 29 ਜੁਲਾਈ 1984 ਨੂੰ ਸੁਰਗਵਾਸ ਹੋਣ ਤੱਕ ਰੋਜ਼ਾਨਾ 'ਅਜੀਤ' (ਪੰਜਾਬੀ) ਦੇ ਮੁੱਖ ਸੰਪਾਦਕ ਰਹੇ। ਹਮਦਰਦ ਜੀ ਦੇ ਹੱਥਾਂ ਵਿਚ 'ਅਜੀਤ' ਨੇ ਏਨੀ ਤਰੱਕੀ ਕੀਤੀ ਕਿ 'ਅਜੀਤ' ਪੰਜਾਬੀ ਪੱਤਰਕਾਰੀ ਦਾ ਮਾਪ-ਦੰਡ ਬਣ ਗਿਆ।

ਹਫ਼ਤਾਵਾਰ 'ਅਜੀਤ' (ਅੰਗਰੇਜ਼ੀ)

ਸ. ਸਾਧੂ ਸਿੰਘ ਹਮਦਰਦ ਟਰੱਸਟ ਦੇ ਪ੍ਰਬੰਧ ਅਧੀਨ 'ਵੀਕਲੀ ਅਜੀਤ ਜਲੰਧਰ' 16 ਅਪ੍ਰੈਲ 1983 ਤੋਂ 9 ਮਾਰਚ 1984 ਤੱਕ ਛਪਦਾ ਰਿਹਾ। ਹਮਦਰਦ ਜੀ ਇਸ ਦੇ ਐਡੀਟਰ ਅਤੇ ਸ. ਪ੍ਰਿਥੀਪਾਲ ਸਿੰਘ ਕਪੂਰ ਐਸੋਸੀਏਟ ਐਡੀਟਰ ਸਨ।

ਮਾਸਕ ਫਿਲਮ ਪੱਤਰ 'ਤਸਵੀਰ'

ਮਾਰਚ 1963 ਵਿਚ ਜਾਰੀ ਹੋਇਆ। ਹਮਦਰਦ ਜੀ ਮਾਰਚ 1963 ਤੋਂ ਜੁਲਾਈ 1984 ਤੱਕ ਇਸ ਦੇ ਸੰਪਾਦਕ ਰਹੇ। ਉਪਰੰਤ ਬੀਬੀ ਪ੍ਰਕਾਸ਼ ਕੌਰ ਹਮਦਰਦ ਇਸ ਦੇ ਐਡੀਟਰ ਹਨ।